ਕੈਪਟਨ ਸਰਕਾਰ ਨੂੰ ਪੰਜਾਬ ਜਾਗ੍ਰਿਤੀ ਮੰਚ ਨੇ ਦਿੱਤਾ ਸੁਝਾਅ, ਪੜ੍ਹੋ
Smacharaajtak, Jalandhar
ਵਿਧਾਨ ਸਭਾ ਦਾ ਇਜਲਾਸ 6 ਨਵੰਬਰ ਨੂੰ ਹੋ ਰਿਹਾ ਹੈ। ਇਸ ਇਜਲਾਸ ਦੀ ਇਸ ਕਰਕੇ ਵਿਸ਼ੇਸ਼ ਅਹਿਮੀਅਤ ਹੈ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੁੱਖ ਸਮਾਰੋਹਾਂ ਦੇ ਬਿਲਕੁਲ ਨਜ਼ਦੀਕ ਹੋ ਰਿਹਾ ਹੈ। ਬਿਨਂਸ਼ੱਕ ਇਸ ਵਿੱਚ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸਰਕਾਰ ਵੱਲੋਂ ਅਹਿਮ ਫ਼ੈਸਲੇ ਲਏ ਜਾਣਗੇ। ਸਾਡਾ ਇਹ ਸੁਝਾਅ ਹੈ ਕਿ ਜੇਕਰ ਕੈਪਟਨ ਸਰਕਾਰ ਇਸ ਇਜਲਾਸ ਵਿੱਚ ਇਕ ਬਿਲ ਲਿਆ ਕੇ ਪੰਜਾਬ ਵਿੱਚ ਲੱਗੇ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਬੋਰਡਾਂ ‘ਤੇ ਦੂਜੀਆਂ ਭਾਸ਼ਾਵਾਂ ਸਮੇਤ ਸਭ ਤੋਂ ਉੱਪਰ ਪੰਜਾਬੀ ਵਿੱਚ ਜਾਣਕਾਰੀ ਲਿਖਣ ਨੂੰ ਜ਼ਰੂਰੀ ਬਣਾ ਦਿੰਦੀ ਹੈ ਤਾਂ ਇਹ ਕੈਪਟਨ ਸਰਕਾਰ ਦਾ 550ਵੇਂ ਪ੍ਰਕਾਸ਼ ਪੁਰਬ ‘ਤੇ ਇਕ ਬਹੁਤ ਵੱਡਾ ਫੈਸਲਾ ਹੋਵੇਗਾ। ਜਿਸ ਤਰ੍ਹਾਂ ਸਾਬਕ ਮੁੱਖ ਮੰਤਰੀ ਲਛਮਣ ਸਿੰਘ ਨੂੰ ਪੰਜਾਬੀ ਨੂੰ ਸਰਕਾਰੀ ਭਾਸ਼ਾ ਬਨਾਉਣ ਲਈ ਲੋਕ ਅੱਜ ਤੱਕ ਯਾਦ ਕਰਦੇ ਹਨ ਉਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕ ਪੰਜਾਬੀ ਨੂੰ ਸਿਰ ਦਾ ਤਾਜ ਬਨਾਉਣ ਲਈ ਯਾਦ ਕਰਨਗੇ। ਦੱਖਣ ਭਾਰਤ ਦੇ ਚਾਰ ਰਾਜਾਂ ਤੋਂ ਇਲਾਵਾ ਪੱਛਮੀ ਬੰਗਾਲ ਤੇ ਮਹਾਂਰਾਸ਼ਟਰ ਵਿੱਚ ਵੀ ਸਰਕਾਰੀ ‘ਤੇ ਗੈਰ ਸਰਕਾਰੀ ਬੋਰਡਾਂ ‘ਤੇ ਜਾਣਕਾਰੀ ਲਿੱਖਣ ਸੰਬੰਧੀ ਇਹੋ ਹੀ ਨੀਤੀ ਲਾਗੂ ਹੈ। ਅਜਿਹੇ ਸਾਰੇ ਬੋਰਡਾਂ ‘ਤੇ ਸਭ ਤੋਂ ਉੱਪਰ ਪੰਜਾਬੀ ਵਿੱਚ ਜਾਣਕਾਰੀ ਲਿੱਖੀ ਜਾਏਗੀ ਹੇਠਾਂ ਲੋੜ ਅਨੁਸਾਰ ਦੂਜੀਆਂ ਭਾਸ਼ਾਵਾਂ ਵਿੱਚ ਜਾਣਕਾਰੀ ਲਿੱਖੀ ਜਾ ਸਕਦੀ ਹੈ। ਕੈਪਟਨ ਸਰਕਾਰ ਨੂੰ ਇਸ ਦਾ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਕਿਉਂਕਿ 2011 ਦੀ ਮਰਦਮਸ਼ੁਮਾਰੀ ਵਿੱਚ ਪੰਜਾਬ ਦੇ 99 ਫੀਸਦੀ ਲੋਕ ਪੰਜਾਬੀ ਨੂੰ ਆਪਣੀ ਮਾਂ-ਬੋਲੀ ਮੰਨ ਚੁੱਕੇ ਹਨ। ਇਸ ਸਮੇਂ ਵਿਧਾਨ ਸਭਾ ਵਿੱਚ ਕੋਈ ਵੀ ਪਾਰਟੀ ਇਸ ਬਿਲ ਦਾ ਵਿਰੋਧ ਨਹੀਂ ਕਰੇਗੀ ਤੇ ਇਸ ਦੇ ਸਰਬ-ਸੰਮਤੀ ਨਾਲ ਪਾਸ ਹੋਣ ਦੀ ਭਾਰੀ ਸੰਭਾਵਨਾ ਹੈ। 550ਵੇਂ ਪ੍ਰਕਾਸ਼ ਪੁਰਬ ‘ਤੇ ਇਸ ਪਹਿਲ ਦਾ ਵਾਜਬ ਤੌਰ ‘ਤੇ ਸਾਰਾ ਸਿਹਰਾ ਕੈਪਟਨ ਸਰਕਾਰ ਨੂੰ ਜਾਏਗਾ। ਆਮ ਲੋਕਾਂ ਤੇ ਸਰਕਾਰੀ ਅਦਾਰਿਆਂ ਨੂੰ ਨਵੇਂ ਢੰਗ ਨਾਲ ਬੋਰਡ ਲਿੱਖਵਾਉਣ ਲਈ 6 ਮਹੀਨੇ ਦਾ ਸਮਾਂ ਦਿੱਤਾ ਜਾ ਸਕਦਾ ਹੈ।
ਸਤਨਾਮ ਸਿੰਘ ਮਾਣਕ
ਪ੍ਰਧਾਨ ,ਪੰਜਾਬ ਜਾਗਿਰਤੀ ਮੰਚ,
ਦੀਪਕ ਬਾਲੀ
ਜਨਰਲ ਸਕੱਤਰ ,ਪੰਜਾਬ ਜਾਗਿਰਤੀ ਮੰਚ
ਜਲੰਧਰ