ਰਾਸ਼ਟਰਪਤੀ ਕੋਵਿੰਦ ਨੂੰ ਕਿਸਾਨਾਂ ਦੇ ਮੁੱਦੇ ’ਤੇ ਦੇਸ਼ ਦੀ ਜ਼ਮੀਰ ਦੀ ਆਵਾਜ਼ ਬਣਨ ਲਈ ਕਿਹਾ ਬਿੱਲ ਬਿਨਾਂ ਮਨਜ਼ੂਰੀ ਸੰਸਦ ਨੂੰ ਵਾਪਸ ਭੇਜਣ ’ਤੇ ਦਿੱਤਾ ਜ਼ੋਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਵਫਦ ਨੇ ਰਾਸ਼ਟਰਪਤੀ ਨੂੰ ਦਿੱਤਾ ਮੈਮੋਰੰਡਮ

ਸ਼੍ਰੋਮਣੀ ਅਕਾਲੀ ਦਲ ਨੇ ਰਾਸ਼ਟਰਪਤੀ ਕੋਵਿੰਦ ਨੂੰ ਕਿਸਾਨਾਂ ਦੇ ਮੁੱਦੇ ’ਤੇ ਦੇਸ਼ ਦੀ ਜ਼ਮੀਰ ਦੀ ਆਵਾਜ਼ ਬਣਨ ਲਈ ਕਿਹਾ
ਬਿੱਲ ਬਿਨਾਂ ਮਨਜ਼ੂਰੀ ਸੰਸਦ ਨੂੰ ਵਾਪਸ ਭੇਜਣ ’ਤੇ ਦਿੱਤਾ ਜ਼ੋਰ
ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਵਫਦ ਨੇ ਰਾਸ਼ਟਰਪਤੀ ਨੂੰ ਦਿੱਤਾ ਮੈਮੋਰੰਡਮ
ਅਕਾਲੀ ਦਲ ਕਿਸਾਨਾਂ ਦੇ ਸੰਘਰਸ਼ ਵਿਚ ਮਜ਼ਬੂਤੀ ਨਾਲ ਉਹਨਾਂ ਦੇ ਨਾਲ
ਕੋਰ ਕਮੇਟੀ ਜਲਦ ਮਿਲ ਕੇ ਅਗਲੇ ਕਦਮ ਦਾ ਫੈਸਲਾ ਕਰੇਗੀ : ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ, 21 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਸੰਸਦ ਵੱਲੋਂ ਪਾਸ ਕੀਤੇ ਤਿੰਨ ਖੇਤੀਬਾੜੀ ਬਿੱਲਾਂ ਨੂੰ ਬਿਨਾਂ ਮਨਜ਼ੂਰੀ ਦਿੱਤੇ ਵਾਪਸ ਸੰਸਦ ਨੂੰ ਭੇਜ ਦੇਣ ਕਿਉਂਕਿ ਇਹਨਾਂ ਦੇ ਕਾਰਨ ਕਿਸਾਨਾਂ ਤੇ ਖੇਤੀ ਨਾਲ ਜੁੜੇ ਮਜ਼ਦੂਰ ਤੇ ਹੋਰ ਵਪਾਰੀ ਵਰਗ ਦੀ ਹੋਂਦ  ਲਈ ਖਤਰਾ ਖੜ੍ਹਾ ਹੋ ਗਿਆ ਹੈ। ਪਾਰਟੀ ਨੇ ਕਿਹਾ ਕਿ ਜਦੋਂ ਦੇਸ਼ ਨੂੰ ਲੋੜ ਸੀ ਤਾਂ ਕਿਸਾਨ ਦੇਸ ਦੇ ਨਾਲ ਡਟੇ ਸਨ ਤੇ ਅੱਜ ਦੇਸ਼ ਨੂੰ ਉਹਨਾਂ ਦੇ ਬਚਾਅ ਵਿਚ ਆਉਣਾ ਚਾਹੀਦਾ ਹੈ।
ਪਾਰਟੀ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫਦ ਨੇ ਦੁਪਹਿਰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਕਿਸਾਨਾਂ ਦੇ  ਮਾਮਲੇ ’ਤੇ ਦੇਸ਼ ਦੀ ਜ਼ਮੀਰ ਦੀ ਆਵਾਜ਼ ਤੇ ਸੰਵਿਧਾਨ ਦਾ ਰਾਖਾ ਬਣਨ ਲਈ ਕਿਹਾ ਤੇ ਕਿਹਾ ਕਿ ਉਹ ਕਿਸਾਨਾਂ, ਖੇਤ ਮਜ਼ਦੂਰਾਂ ਤੇ ਮੰਡੀ ਮਜ਼ਦੂਰਾਂ ਤੇ ਖੇਤੀਬਾੜੀ ਵਸਤਾਂ ਦੇ ਵਪਾਰੀਆਂ ਦੇ ਬਚਾਅ ਵਿਚ ਆਉਣ।
ਰਾਸ਼ਟਰਪਤੀ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਪਾਰਟੀ ਨੇ ਕਿਸਾਨਾਂ ਦਾ ਮੁੱਦਾ ਦੇਸ਼ ਵਿਚ ਸਰਵਉਚ ਪੱਧਰ ’ਤੇ ਚੁੱਕਿਆ ਹੈ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਜਲਦੀ ਹੋਵੇਗੀ ਜਿਸ ਵਿਚ ਨਿਆਂ ਦੀ ਇਸ ਲੜਾਈ ਨੂੰ ਅਗਲੇ ਪੜਾਅ ਵਿਚ ਲਿਜਾਣ ਵਾਸਤੇ ਅਗਲੇ ਕਦਮ ਬਾਰੇ ਜਲਦੀ ਹੀ ਫੈਸਲਾ ਹੋਵੇਗਾ। ਉਹਨਾਂ ਕਿਹਾ ਕਿ ਅਸੀਂ ਹਰ ਇੰਚ ’ਤੇ ਕਿਸਾਨਾਂ ਨਾਲ ਡਟੇ ਰਹਾਂਗੇ। ਅਸੀਂ ਕਿਸਾਨਾਂ ਦੀ ਪਾਰਟੀ ਹਾਂ ਤੇ ਸਾਡੇ 95 ਫੀਸਦੀ ਮੈਂਬਰ ਕਿਸਾਨ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਚੇਤਾਵਨੀ ਦਿੱਤੀ ਕਿ ਕਿਸਾਨਾਂ ਦੀਆਂ ਭਾਵਨਾਵਾਂ  ਨੂੰ ਅਣਡਿੱਠ ਕਰਨਾ ਦੇਸ਼ ਵਿਚ ਸਮਾਜਿਕ ਸਦਭਾਵਨਾ ਤੇ ਸ਼ਾਂਤੀ ਭੰਗ ਹੋਣ ਦਾ ਖਤਰਾ ਬਣ ਸਕਦਾ ਹੈ।
ਉਹਨਾਂ ਦੱਸਿਆ ਕਿ ਪਾਰਟੀ ਨੇ ਰਾਸ਼ਟਰਪਤੀ ਨੂੰ ਕਿਹਾ ਹੈ ਕਿ ਉਹ ਪਹਿਲਾਂ ਹੀ ਮੁਸੀਬਤਾਂ ਵਿਚ ਘਿਰੇ ਕਰੋੜਾਂ ਕਿਸਾਨਾਂ, ਖੇਤ ਤੇ ਮੰਡੀ ਮਜ਼ਦੂਰਾਂ, ਆੜ੍ਹਤੀਆਂ ਤੇ ਦਲਿਤਾਂ ਦੀਆਂ ਭਾਵਨਾਵਾਂ ਵੱਲ ਧਿਆਨ ਦੇਣ ਜਿਹਨਾਂ ਦੀ ਅਸੀਂ ਪ੍ਰਤੀਨਿਧਤਾ ਕਰ ਰਹੇ ਹਾਂ ਤੇ ਉਹਨਾਂ ਦੀਆਂ ਭਾਵਨਾਵਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਇਹ ਬਿੱਲ ਵਾਪਸ ਸੰਸਦ ਨੂੰ ਮੁੜ ਵਿਚਾਰ ਲਈ ਭੇਜਣ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਸੌਂਪੇ ਮੰਗ ਪੱਤਰ ਵਿਚ ਰਾਸ਼ਟਰਪਤੀ ਨੂੰ ਇਹ ਵੀ ਕਿਹਾ ਗਿਆ ਕਿ ਉਹ ਸਰਕਾਰ ਨੂੰ ਇਹ ਬਿੱਲ ਸੰਸਦ ਮੈਂਬਰਾਂ ਦੀ ਸਲੈਕਟ ਕਮੇਟੀ ਕੋਲ ਭੇਜਣ ਦੀ ਸਲਾਹ ਵੀ ਦੇਣ ਤਾਂ ਜੋ ਇਹਨਾਂ ਬਿੱਲਾਂ  ਨੂੰ ਮੁੜ ਸੰਸਦ ਵਿਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਸਲੈਕ ਕਮੇਟੀ ਇਹਨਾਂ ਨਾਲ ਪ੍ਰਭਾਵਤ ਹੋਣ ਵਾਲੇ ਕਿਸਾਨਾਂ, ਖੇਤ ਤੇ ਮੰਡੀ ਮਜ਼ਦੂਰਾਂ ਤੇ ਹੋਰਨਾਂ ਦੀ ਰਾਇ ਲੈ ਸਕੇ।
ਮੈਮੋਰੰਡਮ ਵਿਚ ਰਾਸ਼ਟਰਪਤੀ ਨੂੰ ਕਿਹਾ ਗਿਆ ਕਿ ਦੇਸ਼ ਦੇ ਜੀਵਨ ਵਿਚ ਇਕ ਸਮਾਂ ਆਉਂਦਾ ਹੈ ਜਦੋਂ ਅਸੀਂ ਇਹ ਫੈਸਲਾ ਕਰਨਾ ਹੁੰਦਾ ਹੈ ਕਿ ਅਸੀਂ ਲੁੱਟਣ ਵਾਲੇ ਤੇ ਲੁੱਟੇ ਗਏ ਵਰਗ ਨੂੰ ਵੰਡਣ ਵਾਲੀ ਲਕੀਰ ਦੇ ਕਿਸ ਪਾਸੇ ਖੜ੍ਹੇ ਹੋਣਾ ਹੈ, ਇਹ ਸਮਾਂ ਹੁਣ ਆ ਗਿਆ ਹੈ।  ਸ਼੍ਰੋਮਣੀ ਅਕਾਲੀ ਦਲ ਇਸ ਸੰਕਟ ਮੌਕੇ  ਦਬੇ ਕੁਚਲੇ ਤੇ ਲੁੱਟੇ ਗਏ ਵਰਗ ਨਾਲ ਡੱਟ ਕੇ ਖੜ੍ਹਾ ਹੈ।
ਇਸ ਵਿਚ ਕਿਹਾ ਗਿਆ ਕਿ ਤਕਰੀਬਨ ਇਕ ਸਦੀ ਤੋਂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ, ਖੇਤ ਮਜ਼ਦੂਰਾਂ, ਦਲਿਤਾਂ ਤੇ ਸਮਾਜ ਦੇ ਸਮਾਜਿਕ ਤੇ ਆਰਥਿਕ ਤੌਰ ’ਤੇ ਦਬੇ ਕੁਚਲੇ ਵਰਗਾਂ ਦੇ ਹੱਕਾਂ ਲਈ ਭਾਵੁਕ ਤੌਰ ’ਤੇ, ਪ੍ਰਭਾਵਸ਼ਾਲੀ ਤੇ ਪੂਰੇ ਧੜੱਲੇ ਨਾਲ ਡੱਟਦਾ ਰਿਹਾ ਹੈ।  ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾ ਸਾਡੇ ਵੱਲ ਵੇਖਿਆ ਹੈ ਕਿ ਅਸੀਂ ਉਹਨਾਂ ਦੇ ਹੱਕਾਂ ਲਈ ਉਹਨਾਂ ਦੀ ਆਵਾਜ਼ ਬਣੀਏ।
ਮੈਮੋਰੰਡਮ ਵਿਚ ਰਾਸ਼ਟਰਪਤੀ ਨੂੰ ਚੇਤੇ ਕਰਵਾਇਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੰਥਕ ਕਦਰਾਂ ਕੀਮਤਾਂ ਦੀ ਰਾਖੀ ਕਰਦਿਆਂ ਸੰਘਰਸ਼ ਤੇ ਕੁਰਬਾਨੀ ਦਾ ਇਤਿਹਾਸ ਰਿਹਾ ਹੈ। ਇਸ ਵਿਰਸੇ ਤਹਿਤ  ਗਰੀਬ ਤੇ ਬੇਸਹਾਰਾ ਲੋਕਾਂ ਖਿਲਾਫ ਅਨਿਆਂ ਲਈ ਲੜਨਾ ਸਾਡੇ ਗੁਰੂ ਸਾਹਿਬਾਨ, ਸੰਤਾਂ ਤੇ ਪੀਰਾਂ ਨੇ ਸਿਖਾਇਆ ਹੈ। ਇਸ ਵਿਰਸੇ ਦੀ ਅਸੀਂ ਹੁਣ ਵੀ ਤੇ ਭਵਿੱਖ ਵਿਚ ਵੀ ਰਾਖੀ ਕਰਾਂਗੇ ਤੇ ਇਸ ਤਰੀਕੇ ਪਾਰਟੀ ਨੇ ਆਪਣੀ ਭਵਿੱਖੀ ਕਾਰਵਾਈ ਕੀ ਹੋਵੇਗੀ, ਉਸਦੇ ਸੰਕੇਤ ਰਾਸ਼ਟਰਪਤੀ ਨੂੰ ਦਿੱਤੇ।
ਮੈਮੋਰੰਡਮ ਵਿਚ ਇਹ ਦੱਸਿਆ ਗਿਆ ਕਿ ਕਿਵੇਂ ਸੱਤਾਧਾਰੀ ਪਾਰਟੀ ਨੇ ਸੰਸਦ ਵਿਚ ਆਪਣੇ ਬਹੁਤ ਨੂੰ ਵਰਤ ਕੇ ਅਹਿਮ ਮਸਲਿਆਂ ’ਤੇ ਵਿਰੋਧੀ ਧਿਰ ਤੇ ਸਹਿਯੋਗੀਆਂ ਨੂੰ ਭਰੋਸੇ ਵਿਚ ਲੈਣ ਤੇ ਕੌਮੀ ਆਮ ਰਾਇ ਬਣਾਉਣ ਦੀਆਂ ਸਮੇਂ ’ਤੇ ਪਰਖੀਆਂ ਗਈਆਂ ਰਵਾਇਤਾਂ ਨੂੰ ਅਣਡਿੱਠ ਕੀਤਾ ਹੈ। ਇਸ ਨਾਲ ਸਾਡੀਆਂ ਲੋਕਤੰਤਰੀ ਰਵਾਇਤਾਂ ’ਤੇ ਕਾਲਾ ਪਰਛਾਵਾਂ ਪਿਆ ਹੈ ਕਿਉਂਕਿ ਇਸ ਨਾਲ ਪਾਰਲੀਮਾਨੀ ਲੋਕਤੰਤਰ ਦੀਆਂ ਪ੍ਰਵਾਨਗਤ ਕਦਰਾਂ ਕੀਮਤਾਂ, ਤੌਰ ਤਰੀਕਿਆਂ ਤੇ ਰਵਾਇਤਾਂ ਨੂੰ ਦਰ ਕਿਨਾਰ ਕੀਤਾ ਗਿਆ। ਇਹ ਲੋਕਤੰਤਰ ਲਈ ਬਹੁਤ ਮੰਦਭਾਗਾ ਦਿਨ ਸੀ।
ਮੈਮੋਰੰਡਮ ਵਿਚ ਕਿਹਾ ਗਿਆ ਕਿ ਇਸ ਮਸਲੇ ’ਤੇ ਡੂੰਘਾਈ ਨਾਲ ਚਰਚਾ ਹੋਣੀ ਚਾਹੀਦੀ ਸੀ ਕਿਉਂਕਿ ਸਬੰਧਤ  ਬਿੱਲ ਜੋ ਕਾਨੂੰਨ ਬਣਾਉਣ ਲਈ ਲਿਆਂਦੇ ਗਏ, ਦਾ ਇਸ ਕਿੱਤੇ ਨਾਲ ਸਬੰਧਤ ਵਰਗ ਕਿਸਾਨਾਂ, ਖੇਤ ਤੇ ਮੰਡੀ ਮਜ਼ਦੂਰਾਂ, ਆੜ੍ਹਤੀਆਂ ਤੇ ਦਲਿਤਾਂ ਦੇ ਅਹਿਮ ਤੇ ਸੰਵਦੇਨਸ਼ੀਲ ਹਿੱਤਾਂ ’ਤੇ ਬਹੁਤ ਵੱਡਾ ਅਸਰ ਪੈਣਾ ਹੈ। ਇਹ ਵੀ ਕਿਹਾ ਗਿਆ ਕਿ ਇਹ ਵਰਗ ਸਾਡੇ ਦੇਸ਼ ਦੀ ਆਬਾਦੀ ਦਾ 65 ਫੀਸਦੀ ਹਿੱਸਾ ਹਨ। ਇਹਨਾਂ ਬਿੱਲਾਂ ਦਾ ਬਾਕੀ ਰਹਿੰਦੀ 35 ਫੀਸਦੀ ਆਬਾਦੀ ’ਤੇ ਵੀ ਅਸਰ ਪਵੇਗਾ ਕਿਉਂਕਿ ਖੇਤੀਬਾੜੀ ਹੀ ਸਾਡੇ ਸਾਰੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ।
ਇਸ ਮੌਕੇ ਮੈਂਬਰ ਪਾਰਲੀਮੈਂਟ ਸ੍ਰੀ ਨਰੇਸ਼ ਗੁਜਰਾਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਵੀ ਵਫਦ ਵਿਚ ਸ਼ਾਮਲ ਸਨ।

Click short

Leave a Reply

Your email address will not be published. Required fields are marked *